ਕਪੂਰਥਲਾ , 1 ਜੂਨ ,(ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਰਬੂਜੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ , ਜਿਸ ਤਹਿਤ ਸਸਤੇ ਬੀਜ ਵਾਲੀਆਂ ਤੇ ਬੀਮਾਰੀ ਨਾਲ ਲੜਨ ਵਾਲੀਆਂ ਕਿਸਮਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ।
ਅੱਜ ਬਰਿੰਦਪੁਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੇ ਪੀ ਏ ਯੂ ਦੇ ਸਬਜੀਆਂ ਸਬੰਧੀ ਵਿਭਾਗ ਵਲੋਂ ਖਰਬੂਜੇ ਦੀ “ ਪੰਜਾਬ ਅੰਮ੍ਰਿਤ “ ਕਿਸਮ ਸਬੰਧੀ ਸਾਂਝੇ ਤੌਰ ਤੇ ਕਰਵਾਏ ਗਏ ਫੀਲਡ ਦੌਰੇ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਖਰਬੂਜੇ ਦੀਆਂ ਨਵੀਆਂ ਕਿਸਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ।
ਉਨਾਂ ਕਿਹਾ ਕਿ “ਪੰਜਾਬ ਅੰਮ੍ਰਿਤ “ ਕਿਸਮ ਦੇ ਨਤੀਜੇ ਬਹੁਤ ਵਧੀਆ ਆਏ ਹਨ ਤੇ ਇਹ ਖਰਬੂਜਾ ਝਾੜ , ਗੁਣਵੱਤਾ , ਮਿਠਾਸ ਤੇ ਫਾਇਬਰ ਨਾਲ ਭਰਪੂਰ ਹੈ ।
ਉਨ੍ਹਾਂ ਕਿਹਾ ਕਿ “ ਜੋ ਕਿਸਾਨ ਖਰਬੂਜੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਵਰਤੋਂ ਕਰਦੇ ਹਨ , ਉਨ੍ਹਾਂ ਨੂੰ ਬਹੁਤ ਮਹਿੰਗੇ ਭਾਅ ਦਾ ਬੀਜ ਹਰ ਸਾਲ ਲੈਣਾ ਪੈਂਦਾ ਹੈ ਜਦਕਿ ਯੂਨੀਵਰਸਿਟੀ ਦੀ ਵਿਕਸਤ ਕੀਤੀ ਇਸ ਕਿਸਮ ਦਾ ਬੀਜ ਮੁਕਾਬਲਤਨ ਕਾਫੀ ਸਸਤਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੀਆਂ ਕਿਸਮਾਂ ਦਾ ਬੀਜ ਕਿਸਾਨ ਖੁਦ ਵੀ ਤਿਆਰ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦੀ ਉਤਪਾਦਨ ਲਾਗਤ ਕਾਫੀ ਘੱਟ ਜਾਂਦੀ ਹੈ ।
ਡਾ ਗੋਸਲ ਨੇ ਕਿਹਾ ਕਿ ਕਪੂਰਥਲਾ ਦਾ ਖੇਤਰ ਖਰਬੂਜੇ ਤੇ ਤਰਬੂਜ਼ ਲਈ ਬਹੁਤ ਢੁਕਵਾਂ ਹੈ , ਜਿਸ ਲਈ ਇਨ੍ਹਾਂ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ । ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਤਹਿਤ ਆਲੂ , ਖਰਬੂਜਾ , ਤਰਬੂਜ਼ ਆਦਿ ਦੀ ਖੇਤੀ ਲਈ ਉਤਸ਼ਾਹਿਤ ਕੀਤਾ ।
ਇਸ ਤੋਂ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਐਸੋਸੀਏਟ ਡਾਇਰੈਕਟਰ ਡਾ ਹਰਿੰਦਰ ਸਿੰਘ ਨੇ ਉੱਪ ਕੁਲਪਤੀ ਡਾ ਗੋਸਲ ਤੇ ਹੋਰਨਾਂ ਮਾਹਰਾਂ ਦਾ ਸਵਾਗਤ ਕੀਤਾ ਤੇ ਖਰਬੂਜੇ ਦੀ ਨਵੀਂ ਕਿਸਮ ਦੇ ਵਾਧੇ ਲਈ ਯੋਜਨਾਬੰਦੀ ਬਾਰੇ ਚਾਨਣਾ ਪਾਇਆ ।
ਡਾ ਅਮਨਦੀਪ ਕੌਰ ਐਸੋਸੀਏਟ ਪ੍ਰੋਫੈਸਰ ( ਸਬਜ਼ੀ) ਨੇ ਕਪੂਰਥਲਾ ਜ਼ਿਲ੍ਹੇ ਅੰਦਰ ਖੇਤਰ ਅਧਾਰਿਤ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ । ਡਾ ਅਜਮੇਰ ਸਿੰਘ ਢੱਟ , ਡਾਇਰੈਕਟਰ ਆਫ ਰਿਸਰਚ ਨੇ ਖਰਬੂਜੇ ਦੀ ਨਵੀਂ ਕਿਸਮ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ।
ਇਸ ਮੌਕੇ ਡਾ ਤਰਸੇਮ ਸਿੰਘ ਢਿੱਲੋਂ , ਡਾ ਸਤਪਾਲ ਸ਼ਰਮਾ , ਡਾ ਦਿਲਪ੍ਰੀਤ ਤਲਵਾੜ ਤੇ ਡਾ ਸੁਮਨ ਕੁਮਾਰੀ ਨੇ ਵੀ ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਈ ।
ਇਸ ਮੌਕੇ ਡਾ ਗੋਸਲ ਨੇ ਅਗਾਂਹਵਧੂ ਕਿਸਾਨ ਇੱਛਾ ਸਿੰਘ ਢੋਟ ਦੇ ਖੇਤਾਂ ਵਿੱਚ ਜਾ ਕੇ ਖਰਬੂਜੇ ਦੀ ਕਿਸਮ “ ਪੰਜਾਬ ਅੰਮ੍ਰਿਤ “ ਦੇ ਉਤਪਾਦਨ ਦਾ ਜਾਇਜ਼ਾ ਲਿਆ । ਅਗਾਂਹਵਧੂ ਕਿਸਾਨਾਂ ਤਰਲੋਚਨ ਸਿੰਘ , ਅਮਰਬੀਰ ਸਿੰਘ ਤੇ ਨਿਰਮਲ ਸਿੰਘ ਨੇ ਹੋਰਨਾਂ ਕਿਸਾਨਾਂ ਨਾਲ ਆਪਣੇ ਤਜਰਬਾ ਸਾਂਝਾ ਕੀਤਾ ।
ਇਸ ਮੌਕੇ 70 ਤੋਂ ਵੱਧ ਕਿਸਾਨ , ਖੋਜਾਰਥੀ , ਡਾ ਪਰਵਿੰਦਰ ਸਿੰਘ , ਡਾ ਬਿੰਦੂ ਪ੍ਰੋਫੈਸਰ , ਅਵਨੀਤ ਕੌਰ ਐਸੋਸੀਏਟ ਪ੍ਰੋਫੈਸਰ ਹੋਮ ਸਾਇੰਸ , ਅਮਨਦੀਪ ਕੌਰ ਤੇ ਹੋਰ ਹਾਜ਼ਰ ਸਨ ।
ਪੀ ਏ ਯੂ ਨੇ ਖਰਬੂਜੇ ਦੀ ਫ਼ਸਲ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਤੇਜ਼ ਕੀਤੇ - ਉੱਪ ਕੁਲਪਤੀ ਡਾ ਗੋਸਲ
By -
June 01, 2025