ਸੁਲਤਾਨਪੁਰ ਲੋਧੀ , 31 ਮਾਰਚ (ਲਾਡੀ,ੳ.ਪੀ.ਚੌਧਰੀ) ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਸਾਹਮਣੇ ਪੁੱਟੀ ਸੜਕ ਕਾਰਨ ਸੰਗਤਾਂ ਨੂੰ ਪਿਛਲੇ 10 ਦਿਨਾਂ ਤੋ ਹੋ ਰਹੀ ਭਾਰੀ ਪ੍ਰੇਸ਼ਾਨੀ ਦੇ ਕਾਰਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਮੌਕਾ ਦੇਖਿਆ ਤੇ ਜਥੇ ਕਲਿਆਣ ਨੇ ਲਾਈਵ ਹੋ ਕੇ ਡਿਪਟੀ ਕਮਿਸ਼ਨਰ ਕਪੂਰਥਲਾ , ਮੁੱਖ ਮੰਤਰੀ ਪੰਜਾਬ , ਸਮੂਹ ਕੈਬਨਿਟ ਮੰਤਰੀ ਪੰਜਾਬ ਤੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਆਦਿ ਸਾਰੇ ਹੀ ਆਗੂਆਂ ਨੂੰ ਅਪੀਲ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਨਗਰ ਸੁਲਤਾਨਪੁਰ ਲੋਧੀ ਦੀ ਸੀਵਰੇਜ ਆਦਿ ਦੇ ਪਾਈਪ ਪਾਉਣ ਲਈ ਬਹੁਤ ਢਿੱਲੀ ਰਫਤਾਰ ਚਲਦੇ ਕੰਮ ਨੂੰ ਜਲਦੀ ਕਰਵਾਉਣ ਦੀ ਅਪੀਲ ਕੀਤੀ । ਜਥੇ ਕਲਿਆਣ ਦੇ ਨਾਲ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਵੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਖੁਦ ਸੁਲਤਾਨਪੁਰ ਲੋਧੀ ਦਾ ਨਿਰੀਖਣ ਕਰਕੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਜੀ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਆਦਿ ਸਾਰੇ ਗੁਰਦੁਆਰਿਆਂ ਦੀਆਂ ਸੜਕਾਂ ਨੂੰ ਜਲਦੀ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਧੰਨ ਧੰਨ ਬੇਬੇ ਨਾਨਕੀ ਜੀ ਦਾ ਜਨਮ ਉਤਸਵ ਜੋੜ ਮੇਲਾ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਪਰ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਕੋਈ ਧਿਆਨ ਨਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦਾ ਹਿੱਸਾ ਬਣੇ ਹੋਏ ਮੁਖੀ ਆਗੂ ਵੀ ਅੱਖਾਂ ਮੀਟ ਕੇ ਲੋਕਾਂ ਨੂੰ ਪ੍ਰੇਸ਼ਾਨ ਹੁੰਦਾ ਦੇਖ ਰਹੇ ਹਨ ਤੇ ਸਥਾਨਕ ਵਿਧਾਇਕ ਵੀ ਸੰਗਤਾਂ ਦੀ ਪ੍ਰੇਸ਼ਾਨੀ ਤੇ ਚੁੱਪ ਹਨ ।
ਜਥੇ ਕਲਿਆਣ ਨੇ ਸੰਗਤਾਂ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਤੋਂ ਲੋਹੀਆਂ ਰੋਡ ਤੱਕ ਸੜਕ ਤੇ ਪੈਦਲ਼ ਲੰਘਣਾ ਜਾਂ ਮੋਟਰ ਸਾਈਕਲ ਤੇ ਚੱਲਣਾ ਵੀ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਉੱਡਦੀ ਧੂੜ ਨਾਲ ਪੂਰੀ ਤਰ੍ਹਾਂ ਬੰਦਾ ਮਿੱਟੀ ਦੇ ਪਾਊਂਡਰ ਨਾਲ ਭਰ ਕੇ ਚਿੱਟਾ ਹੋ ਜਾਂਦਾ ਹੈ । ਸੰਗਤਾਂ ਰੋਜ਼ਾਨਾ ਦੁਖੀ ਹੋ ਰਹੀਆਂ ਹਨ ਤੇ ਦੁਕਾਨਦਾਰਾਂ ਦਾ ਕੰਮ ਵੀ ਬੰਦ ਹੋਇਆ ਪਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਕੱਛੂ ਦੀ ਚਾਲ ਕੰਮ ਕੀਤਾ ਜਾ ਰਿਹਾ ਹੈ , ਪਰ ਸਰਕਾਰ , ਪ੍ਰਸਾਸ਼ਨ ਵੱਲੋਂ ਕੋਈ ਧਿਆਨ ਨਹੀ ਹੈ । ਉਨ੍ਹਾਂ ਕਿਹਾ ਕਿ ਮੁੱਖ ਸੜਕਾਂ ਤੇ ਰਾਤ ਨੂੰ ਕੰਮ ਕੀਤਾ ਜਾ ਸਕਦਾ ਹੈ ।
ਇਸ ਸਮੇ ਉਨ੍ਹਾਂ ਨਾਲ ਮੈਨੇਜਰ ਅਵਤਾਰ ਸਿੰਘ , ਮੀਤ ਮੈਨੇਜਰ ਗੁਰਪ੍ਰੀਤ ਸਿੰਘ , ਮੀਤ ਮੈਨੇਜਰ ਚੈਚਲ ਸਿੰਘ , ਸਲਵੰਤ ਸਿੰਘ ਸਟੋਰ ਕੀਪਰ, ਭੁਪਿੰਦਰ ਸਿੰਘ ਰਿਕਾਰਡ ਕੀਪਰ ਆਦਿ ਹੋਰਨਾਂ ਸ਼ਿਰਕਤ ਕੀਤੀ।
ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਪੁੱਟੀ ਸੜਕ ਨੂੰ ਜਲਦੀ ਬਣਾਇਆ ਜਾਵੇ -ਜਥੇ ਕਲਿਆਣ , ਅਵਤਾਰ ਸਿੰਘ ---
By -
March 31, 2025