ਡਿਪਟੀ ਕਮਿਸ਼ਨਰ ਵਲੋਂ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਕੰਮ ਜੰਗੀ ਪੱਧਰ ’ਤੇ ਕਰਨ ਦੇ ਨਿਰਦੇਸ਼ਸ਼ਹਿਰ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

B11 NEWS
By -
ਸੁਲਤਾਨਪੁਰ ਲੋਧੀ, 16 ਮਈ (ਲਾਡੀ,ੳ.ਪੀ ਚੌਧਰੀ)
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦਾ ਕੰਮ ਜੰਗੀ ਪੱਧਰ ’ਤੇ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ‘ਗੁਰੂ ਨਗਰੀ ਦੇ ਵਿਕਾਸ ਕੰਮਾਂ ਵਿਚ ਬੇਲੋੜੀ ਦੇਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ’।
ਅੱਜ ਸੁਲਤਾਨਪੁਰ ਲੋਧੀ ਸ਼ਹਿਰ ਦਾ ਦੌਰਾ ਕਰਕੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਚੱਲ ਰਹੇ  ਵਿਕਾਸ ਕੰਮਾਂ ਕਰਕੇ ਲੋਕਾਂ ਤੇ ਵਿਸ਼ੇਸ਼ ਕਰਕੇ ਸੰਗਤ ਨੂੰ ਜੋ ਪ੍ਰੇਸ਼ਾਨੀ ਆ ਰਹੀ ਹੈ ਉਸਨੂੰ ਦੂਰ ਕਰਨ ਲਈ ਵਿਕਾਸ ਕੰਮਾਂ ਦੀ ਉੱਚ ਅਧਿਕਾਰੀ ਖੁਦ ਨਿਗਰਾਨੀ ਕਰਨ ਤੇ ਹਫਤਾਵਾਰੀ ਰਿਪੋਰਟ ਪੇਸ਼ ਕਰਨ।
ਉਨ੍ਹਾਂ ਸ਼ਹੀਦ ਊਧਮ ਸਿੰਘ ਚੌਂਕ, ਤਲਵੰਡੀ ਪੁਲ, ਬੱਸ ਅੱਡਾ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੂੰ ਜਾਂਦੀ ਸੜਕ ’ਤੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਨਵੇਂ ਉਸਾਰੇ ਜਾ ਰਹੇ ਪ੍ਰਸ਼ਾਸ਼ਕੀ ਕੰਪਲੈਕਸ ਦਾ ਵੀ ਨਿਰੀਖਣ ਕੀਤਾ ਗਿਆ । ਉਨ੍ਹਾਂ ਕਿਹਾ ਨਵੇਂ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਨਾਲ ਸੁਲਤਾਨਪੁਰ ਲੋਧੀ ਵਿਖੇ ਲੋਕਾਂ ਨੂੰ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠ ਮਿਲ ਸਕਣਗੀਆਂ ।
ਉਨਾਂ ਨਗਰ ਕੌਂਸਲ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿਚ ਜਿਸ ਵੀ ਖੇਤਰ ਵਿਚ ਕੰਮ  ਮੁਕੰਮਲ ਹੁੰਦਾ ਹੈ, ਉੱਥੇ ਸੜਕਾਂ ਬਣਾਉਣ ਦਾ ਕੰਮ ਵੀ ਨਾਲੋ- ਨਾਲ ਹੀ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ।ਸ੍ਰੀ ਪੰਚਾਲ ਨੇ ਦੱਸਿਆ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਗਭਗ 3500 ਕੁਨੈਕਸ਼ਨ ਦਿੱਤੇ ਜਾ ਰਹੇ ਹਨ, ਜਿਸ ਲਈ 28 ਕਿਲੋਮੀਟਰ ਲੰਬੀ ਪਾਇਪ ਲਾਇਨ ਵਿਛਾਈ ਗਈ ਹੈ। ਇਸ ਤੋਂ ਇਲਾਵਾ 1.4 ਕਿਲੋਮੀਟਰ ਲੰਬੀ ਸੀਵਰ ਲਾਇਨ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ।
ਗੰਦੇ ਪਾਣੀ ਦੀ ਸਫਾਈ ਲਈ 1 ਐਮ.ਐਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਟ੍ਰਾਇਲ ਰਨ ਮੁਕੰਮਲ ਹੋ ਗਿਆ ਹੈ, ਜਿਸਨੂੰ ਜਲਦ ਚਾਲੂ ਕੀਤਾ ਜਾਵੇਗਾ।
ਸੀਵਰੇਜ ਬੋਰਡ ਦੇ ਅਧਿਕਾਰੀਆਂ ਇਹ ਵੀ ਦੱਸਿਆ ਕਿ ਸ਼ਹਿਰ ਵਿਚ ਮੀਂਹ ਕਾਰਨ ਪਾਣੀ ਖੜਨ ਦੀ ਸਮੱਸਿਆ ਦੇ ਹੱਲ ਲਈ 18.5 ਕਿਲੋਮੀਟਰ ਲੰਬਾ ਸਟਰੌਮ ਸੀਵਰ ਵਿਛਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟ ਸਿਟੀ ਤਹਿਤ ਗਰਲਜ਼ ਸਕੂਲ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ।
ਸ਼ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐਸ.ਡੀ.ਐਮ ਅਲਕਾ ਕਾਲੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ।