ਪਾਣੀ ਰਿਹਾ ਤਾਂ ਪੰਜਾਬ ਦੀ ਹੋਂਦ ਬਚੇਗੀ - ਸੰਤ ਸੀਚੇਵਾਲ**ਪੰਜਾਬ ਤੋਂ ਲੈਕੇ ਫਿਲੀਪਾਈਨ ਤੱਕ ਪਾਣੀਆਂ ਨੂੰ ਬਚਾਉਣ ਦੇ ਚਰਚੇ

B11 NEWS
By -
ਸੁਲਤਾਨਪੁਰ ਲੋਧੀ, 5 ਮਈ( ਲਾਡੀ,ਦੀਪ ਚੌਧਰੀ,ੳ ਪੀ ਚੌਧਰੀ)
ਫਿਲੀਪਾਈਨ ਦੀ ਫੇਰੀ ਦੇ ਆਖਰੀ ਦਿਨਾਂ ਵਿੱਚ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਬੂ ਟਾਪੂ ਦਾ ਦੌਰਾ ਕੀਤਾ। ਇੱਥੇ ਵੱਸਦੇ ਪੰਜਾਬੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਵਿੱਚ ਕੀਤੇ ਭਰਵੇਂ ਸਮਾਗਮ ਦੌਰਾਨ ਵੀ ਪੰਜਾਬ ਦੇ ਪਾਣੀਆਂ ‘ਤੇ ਚਰਚਾ ਹੁੰਦੀ ਰਹੀ। ਸੰਤ ਸੀਚੇਵਾਲ ਨੇ ਪਾਣੀਆਂ ਬਾਰੇ ਜਿੱਥੇ ਧਾਰਮਿਕ ਪਰੀਪੇਖ ਵਿੱਚ ਗੱਲ ਕੀਤੀ ਉਥੇ ਨਾਲ ਹੀ ਉਨ੍ਹਾਂ ਪੰਜਾਬੀਆਂ ਨੂੰ ਸਾਵਧਾਨ ਕਰਦਿਆ ਕਿਹਾ ਕਿ ਪਾਣੀ ਬਚੇਗਾ ਤਾਂ ਹੀ ਪੰਜਾਬ ਦੀ ਹੋਂਦ ਬਚੇਗੀ।
ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਵਿਸ਼ੇਸ਼ ਸ਼ੈਸ਼ਨ ਨੂੰ ਵੀ ਇੱਥੇ ਸਾਰਿਆਂ ਨੇ ਦੇਖਿਆ ਕਿ ਉਨ੍ਹਾਂ ਦੇ 117 ਨੁੰਮਾਇਦੇ ਕਿਵੇਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਪਹਿਰੇਦਾਰੀ ਕਰਦੇ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਪਾਣੀਆਂ ਦੇ ਸੰਕਟ ਕਾਰਨ ਬੰਜ਼ਰ ਬਣਨ ਵੱਲ ਵੱਧ ਰਹੀ ਹੈ। ਪੰਜਾਬ ਦੇ ਪਾਣੀਆਂ ‘ਤੇ ਡਾਕਾ ਤਾਂ 1955 ਤੋਂ ਹੀ ਪੈਂਦਾ ਆ ਰਿਹਾ ਹੈ। ਸਮੇਂ ਦੀਆਂ ਹਕੂਮਤਾਂ ਨੇ ਬਹੁਤ ਹੀ ਬੇਕਿਰਕੀ ਨਾਲ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਹੈ। ਪੰਜਾਬ ਦੇ ਪਲੀਤ ਹੋ ਰਹੇ ਪਾਣੀਆਂ ਬਾਰੇ ਕਿਸੇ ਵੀ ਸਰਕਾਰ ਨੇ ਕਦੇਂ ਫਿਕਰਮੰਦੀ ਜ਼ਾਹਿਰ ਨਹੀਂ ਕੀਤੀ, ਸਗੋਂ ਪਲੀਤ ਹੋਏ ਸਤਲੁਜ ਦਰਿਆ ਨੂੰ ਸਾਫ਼ ਕਰਨ ਦੀ ਆੜ ਹੇਠਾਂ ਵੱਡੀਆਂ ਹੇਰਾਫੇਰੀਆਂ ਹੁੰਦੀਆਂ ਰਹੀਆਂ।
ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਨੇੜੇਓ ਲੰਘਦੀ ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਉਣ। ਸੰਤ ਸੀਚੇਵਾਲ ਨੇ ਕਿਹਾ ਕਿ ਜਲਦ ਹੀ ਇੰਨ੍ਹਾਂ ਦੋਵਾਂ ਨਦੀਆਂ ਵਿੱਚ ਵੀ ਸਾਫ ਪਾਣੀ ਵੱਗਣ ਲੱਗ ਪਵੇਗਾ।
ਇਸ ਮੌਕੇ ਗੁਰੁ ਘਰ ਵੱਲੋਂ ਸੰਤ ਸੀਚੇਵਾਲ ਜੀ ਦਾ ਸਨਮਾਨ ਵੀ ਕੀਤਾ ਗਿਆ। ਸੀਬੂ ਵਿੱਚ ਰਹਿੰਦੇ ਪਰਵਾਸੀ ਪੰਜਾਬੀਆਂ ਨੇ ਆਪਣੀਆਂ ਸਮੱਸਿਆਵਾਂ ਵੀ ਸੰਤ ਸੀਚੇਵਾਲ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਪਰਵਾਸੀ ਪੰਜਾਬੀਆਂ ਦੀ ਸਮਸਿਆਵਾਂ ਨੂੰ ਫਿਲੀਪਾਈਨ ਵਿੱਚ ਭਾਰਤੀ ਦੂਤਾਵਾਸ ਕੋਲ ਰੱਖਣਗੇ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।