ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ* ਗੁਰਬਾਣੀ ਦੇ ਆਗਮਨ ਅਸਥਾਨ ਵੇਈਂ ਨਾਲੋਂ ਰਿਸ਼ਤਾ ਤੋੜਣ ਦਾ ਪੰਜਾਬ ਨੇ ਸੰਤਾਪ ਭੋਗਿਆ : ਸੰਤ ਸੀਚੇਵਾਲ*

B11 NEWS
By -
ਸੁਲਤਾਨਪੁਰ ਲੋਧੀ, 15 ਜੁਲਾਈ(,ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰ੍ਹੇਗੰਢ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਅਸੰਭਵ ਕੰਮ ਨੂੰ ਸੰਭਵ ਕਰਕੇ ਦਿਖਾ ਦਿੱਤਾ। ਉਹਨਾਂ ਵੇਈਂ ਦੀ 25ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ‘ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਢਾਈ ਦਹਾਕੇ ਪਹਿਲਾਂ ਜਿਸ ਪਵਿੱਤਰ ਵੇਈਂ ਤੋਂ ਲੋਕ ਨੱਕ-ਮੂੰਹ ਢੱਕ ਕੇ ਲੰਘਦੇ ਸਨ ਅੱਜ ਉਸ ਪਵਿੱਤਰ ਵੇਈਂ ਅੱਗੇ ਹਰ ਕੋਈ ਸ਼ਰਧਾ ਨਾਲ ਸਿਰ ਝੁਕਾਉਂਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਨਦੀਂ ਨੂੰ ਹੱਥੀ ਸਾਫ ਕਰਕੇ ਦੇਸ਼ ਨੂੰ ਰਾਹ ਦਿਖਾਇਆ ਹੈ ਕਿ ਆਪਣੇ ਨਦੀਆਂ ਤੇ ਦਰਿਆਵਾਂ ਦੀ ਸੰਭਾਲ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਆਗਮਨ ਅਸਥਾਨ ਪਵਿੱਤਰ ਵੇਈਂ ਨਾਲੋਂ ਰਿਸ਼ਤਾ ਤੋੜਨ ਦਾ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ।
ਸੰਤ ਸੀਚੇਵਾਲ ਨੇ 25 ਸਾਲ ਪਹਿਲਾਂ ਜਲੰਧਰ ਵਿੱਚ ਹੋਈ ਇੱਕ ਮੀਟਿੰਗ ਦਾ ਜ਼ਿਕਰ ਕਰਦਿਆ ਕਿਹਾ ਕਿ ਉਥੇ ਬੁਲਾਰਿਆ ਨੇ ਕਿਹਾ ਸੀ ਕਿ ਜੇ ਬਾਬੇ ਨਾਨਕ ਦੀ ਵੇਈਂ ਸਾਫ਼ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਣਤਾ ਪਾਉਣਗੀਆਂ। ਉਨ੍ਹਾ ਕਿਹਾ ਕਿ ਜਦੋਂ ਜੁਲਾਈ 2000 ਵਿੱਚ ਸਾਉਣ ਦੀ ਸੰਗਰਾਂਦ ਵਾਲੇ ਦਿਨ ਕਾਲੀ ਵੇਈਂ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਤਾਂ ਲੋਕ ਟਿੱਚਰਾਂ ਕਰਦੇ ਸਨ ਕਿ ਇਹ ਪਹਾੜ ਜਿੱਡਾ ਕੰਮ ਭਲਾ ਹੱਥੀ ਕਿਵੇਂ ਹੋ ਜਾਵੇਗਾ।
ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਵਿੱਚ ਗੰਦ ਪੜ੍ਹੇ ਲਿਖੇ ਲੋਕਾਂ ਨੇ ਪਾਇਆ ਹੈ। ਜਦ ਕਿ ਅਨ੍ਹਪੜ ਲੋਕ ਤਾਂ ਕਾਨੂੰਨ ਤੋਂ ਡਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹਨਾਂ ਆਈ.ਏ.ਐਸ ਤੇ ਪੀ.ਸੀ.ਐਸ ਅਧਿਕਾਰੀਆਂ ਨੇ ਇਸ ਵਤੀਰੇ ਰੋਕਣਾ ਸੀ ਉਹ ਪੂਰੀ ਤਰ੍ਹਾਂ ਨਾਲ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਵਿੱਚ ਫੇਲ਼ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਬਾਬੇ ਨਾਨਕ ਦੀ ਮੰਨੀ ਤੇ ਨਾ ਸੰਵਿਧਾਨ ਦੀ ਤੇ ਨਾ ਹੀ ਵਿਗਿਆਨ ਦੀ।
ਸੰਤ ਸੀਚੇਵਾਲ ਨੇ ਕਿਹਾ ਕਿ ਵੇਈਂ ਦੀ ਕਾਰ ਸੇਵਾ ਦੇ ਸ਼ੂਰਆਤੀ ਸਾਲਾਂ ਵਿੱਚ ਸਾਨੂੰ ਪ੍ਰਸ਼ਾਸ਼ਨ ਨਾਲ ਲੜਨਾ ਪਿਆ ਸੀ। ਪ੍ਰਸ਼ਾਸ਼ਨ ਜਿਸ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਸੀ। ਉਲਟਾ ਗੰਦੇ ਪਾਣੀ ਵੇਈਂ ਵਿੱਚ ਪਾਉਣ ਵਾਲਿਆਂ ਦੀ ਪੁਸ਼ਤਪਨਾਹੀ ਕਰਦੇ ਰਹੇ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਦੀ ਕਾਰ ਸੇਵਾ ਦੇ 25 ਸਾਲਾਂ ਦੇ ਅਰਸੇ ਦੌਰਾਨ ਬੁੱਢਾ ਦਰਿਆ, ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਅਤੇ ਤੁੰਗਢਾਬ ਡਰੇਨ ਦੇ ਪ੍ਰਦੂਸ਼ਣ ਵਿਰੁੱਧ ਲੋਕ ਚੇਤਨਾ ਪੈਦਾ ਹੋਈ ਹੈ।