ਨਕਲੀ ਦਸਤਾਵੇਜ਼ ਪੇਸ਼ ਕਰਕੇ ਐਨ ਆਰ ਆਈ ਦੀ 13 ਏਕੜ ਜ਼ਮੀਨ ਵੇਚਣ ਦੀ ਕੋਸ਼ਿਸ਼ 26 ਏਕੜ 5 ਮਰਲੇ ਜ਼ਮੀਨ ਦਾ ਸੌਦਾ ਹੋਇਆ ਲੋਕਾਂ ਨੇ ਉਕਤ ਵਿਅਕਤੀ ਅਤੇ ਡੀਲਰ ਨੂੰ ਪੁਲਿਸ ਹਵਾਲੇ ਕੀਤਾ

B11 NEWS
By -
ਸੁਲਤਾਨਪੁਰ ਲੋਧੀ, 22 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਇੱਕ ਪ੍ਰਵਾਸੀ ਭਾਰਤੀ ਦੀ ਜ਼ਮੀਨ ਅੱਜ ਸੁਲਤਾਨਪੁਰ ਲੋਧੀ ਦੇ ਤਹਿਸੀਲ ਕੰਪਲੈਕਸ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪੇਸ਼ਗੀ ਤਿਆਰ ਕਰਨ ਤੋਂ ਬਾਅਦ ਵੇਚ ਦਿੱਤੀ ਗਈ। ਪ੍ਰਵਾਸੀ ਭਾਰਤੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਨਾਂ ਨੇ ਉਕਤ ਵਿਅਕਤੀ ਤੇ ਉਸਦੇ ਨਾਲ ਆਏ ਇੱਕ ਡੀਲਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਤਹਿਸੀਲ ਅਹਾਤੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦੇ ਹੋਏ ਪਿਥੌਰਾਹਲ ਨਿਵਾਸੀ ਕਰਮਬੀਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਮਾਮੇ ਦੇ ਪੁੱਤਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਪਿਥੋਰਾਹਲ ਵਾਸੀ ਸਰਬਜੀਤ ਸਿੰਘ ਪੁੱਤਰ ਗੁਰਸ਼ਰਨ ਸਿੰਘ ਕੋਲ 13 ਏਕੜ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਕੋਲ 13 ਏਕੜ 5 ਮਰਲੇ ਜ਼ਮੀਨ ਹੈ, ਜੋ ਕਿ ਪਿੰਡ ਸਰੂਪਵਾਲ ਤੇ ਸ਼ੇਖਮਾਂਗਾ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਅੱਜ ਮਿਲੀਭੁਗਤ ਨਾਲ ਕੋਈ ਮੇਰੇ ਚਾਚੇ ਦੇ ਪੁੱਤਰਾਂ ਦੀ ਜ਼ਮੀਨ ਵੇਚ ਰਿਹਾ ਹੈ। ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਸਾਡੇ ਆਲੇ-ਦੁਆਲੇ ਦੇ ਸਾਰੇ ਪਿੰਡ ਵਾਸੀ ਇਕੱਠੇ ਹੋਏ ਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਅਹਾਤੇ ਵਿੱਚ ਪਹੁੰਚ ਗਏ। ਜਿੱਥੇ ਉਕਤ ਵਿਅਕਤੀ ਅਤੇ ਉਸਦੇ ਨਾਲ ਆਏ ਇੱਕ ਡੀਲਰ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਕੋਲ ਜਾਅਲੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਸਨ ਜੋ ਸਰਬਜੀਤ ਸਿੰਘ ਦੇ ਨਾਮ 'ਤੇ ਤਿਆਰ ਕੀਤੇ ਗਏ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖਰੀਦਦਾਰ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਅਦਾਲਤ ਚੱਕ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਨੇ ਸਾਡੇ ਨਾਲ 26 ਏਕੜ 5 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ। ਉਸਨੇ ਕਿਹਾ ਕਿ ਉਕਤ ਵਿਅਕਤੀ ਨੇ ਅੱਜ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਾਡੀ 13 ਏਕੜ ਜ਼ਮੀਨ ਲਈ ਪੇਸ਼ਗੀ ਦਿੱਤੀ ਹੈ, ਉਸਨੇ ਕੱਲ੍ਹ ਲਗਭਗ 13 ਏਕੜ ਲਈ ਦੂਜੀ ਪੇਸ਼ਗੀ ਦੇਣੀ ਸੀ ਜਿਸਦੇ ਆਧਾਰ ਕਾਰਡ ਨੂੰ ਵੇਖ ਕੇ ਸਾਨੂੰ ਸ਼ੱਕ ਪਿਆ ਕਿ ਇਹ ਇੱਕ ਜਾਅਲੀ ਦਸਤਾਵੇਜ਼ ਹੈ। ਉਸਨੇ ਦੱਸਿਆ ਕਿ ਉਕਤ ਜ਼ਮੀਨ ਵਿਦੇਸ਼ ਵਿੱਚ ਬੈਠੇ ਕਿਸੇ ਸਰਬਜੀਤ ਸਿੰਘ ਦੀ ਸੀ, ਪਰ ਉਹ ਵਿਅਕਤੀ ਆਪਣੇ ਆਪ ਨੂੰ ਸਰਬਜੀਤ ਸਿੰਘ ਹੀ ਦੱਸ ਰਿਹਾ ਸੀ। ਸਾਡਾ ਸੌਦਾ 23 ਲੱਖ ਰੁਪਏ ਪ੍ਰਤੀ ਏਕੜ 'ਤੇ ਤੈਅ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਅਸੀਂ ਉਕਤ ਵਿਅਕਤੀ ਨੂੰ 5 ਲੱਖ ਰੁਪਏ ਨਕਦ ਅਤੇ 35 ਲੱਖ ਰੁਪਏ ਚੈੱਕ ਰਾਹੀਂ ਦਿੱਤੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਅਤੇ ਦਲਾਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਦੂਜੇ ਪਾਸੇ ਕੈਨੇਡਾ ਬੈਠੇ ਸਰਬਜੀਤ ਸਿੰਘ ਰਿੰਕੂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕੀਤੀ ਜਾਵੇ। ਸਰਬਜੀਤ ਸਿੰਘ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਦਾ ਧੰਨਵਾਦ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ, ਉਕਤ ਵਿਅਕਤੀ ਕਈ ਵਾਰ ਕਹਿ ਰਿਹਾ ਸੀ ਕਿ ਉਹ ਪਿਥੋਰਾਹਲ, ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ। ਪੁਲਿਸ ਦੋਵਾਂ ਵਿਅਕਤੀਆਂ ਨੂੰ ਆਪਣੇ ਨਾਲ ਲੈ ਗਈ ਹੈ।
ਦੂਜੇ ਪਾਸੇ, ਸੁਲਤਾਨਪੁਰ ਲੋਧੀ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ