ਕਪੂਰਥਲਾ, 20 ਜੂਨ , ਲਾਡੀ, ਦੀਪ ਚੌਧਰੀ, ੳ.ਪੀ ਚੌਧਰੀ,ਕਪੂਰਥਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੱਜ ਸਾਇਕਲਾਥੋਨ "ਸਿਹਤ ਵੀ, ਵਿਰਾਸਤ ਵੀ" ਥੀਮ ਤਹਿਤ ਕਰਵਾਈ ਗਈ, ਜਿਸ ਵਿਚ ਸੈਂਕੜੇ ਲੋਕਾਂ ਨੇ ਭਾਗ ਲੈ ਕੇ ਨਸ਼ਿਆਂ ਵਿਰੁੱਧ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਅਹਿਦ ਲਿਆ। ਸਾਈਕਲਾਥੋਨ ਦੌਰਾਨ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ ਗੌਰਵ ਤੂਰਾ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਜਲੰਧਰ-ਹੁਸ਼ਿਆਰਪੁਰ-ਕਪੂਰਥਲਾ ਦੇ ਨਾਮੀ ਸਾਈਕਲਿੰਗ ਕਲੱਬਾਂ ਦੇ ਨਾਲ-ਨਾਲ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ ਦਿੱਤਾ।
ਸਾਈਕਲਾਥੋਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਵਲੋਂ ਹਰੀ ਝੰਡੀ ਦੇ ਕੇ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਕੀਤਾ ਗਿਆ। ਇਹ ਸਾਇਕਲਾਥੋਨ ਨਸ਼ਿਆਂ ਵਿਰੁੱਧ ਲੜਾਈ ਵਿਚ ਹਿੱਸੇਦਾਰੀ ਦਾ ਸੁਨੇਹਾ ਦਿੰਦੀ ਹੋਈ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਸੈਨਿਕ ਸਕੂਲ,ਜਗਤਜੀਤ ਕਲੱਬ, ਦਰਬਾਰ ਹਾਲ, ਸ਼ਹੀਦ ਭਗਤ ਸਿੰਘ ਚੌਂਕ, ਮੌਰਿਸ਼ ਮਸਜਿਦ, ਸਟੇਟ ਗੁਰਦੁਆਰਾ ਤੋਂ ਹੁੰਦੀ ਹੋਈ ਮੁੜ ਸਟੇਡੀਅਮ ਵਿਖੇ ਹੀ ਸਮਾਪਤ ਹੋਈ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੁੜਵਸੇਬਾ ਕੇਂਦਰ ਵਿਖੇ ਨਸ਼ਾ ਛੱਡਣ ਲਈ ਕੀਤੇ ਜਾ ਰਹੇ ਇਲਾਜ਼ ਦੇ ਨਾਲ ਹੀ ਉਨ੍ਹਾਂ ਨੂੰ ਨਸ਼ਾ ਛੱਡ ਬਾਹਰ ਸਮਾਜ ਵਿਚ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਵਿਸ਼ੇਸ਼ ਕਿੱਤਾ ਮੁਖੀ ਕੋਰਸ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਨਸ਼ਾ ਛੱਡ ਸਮਾਜ ਦੀ ਤਰੱਕੀ ਵਿਚ ਆਪਣੀ ਹਿੱਸੇਦਾਰੀ ਪਾ ਕੇ ਵਧੀਆ ਮਾਨ-ਸਨਮਾਨ ਵਾਲਾ ਜੀਵਨ ਬਤੀਤ ਕਰ ਸਕਣ।
ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ ਵਲੋਂ ਇਸ ਮੌਕੇ ਨਸ਼ਿਆਂ ਦੇ ਖਿਲਾਫ਼ ਗੁਰੂ ਨਾਨਕ ਸਟੇਡੀਅਮ ਵਿਖੇ ਇਕੱਠ ਨੂੰ ਸਹੁੰ ਵੀ ਚੁਕਾਈ ਗਈ ਅਤੇ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਦੀ ਲੜੀ ਜਾ ਰਹੀ ਲੜਾਈ ਵਿਚ ਸਹਿਯੋਗ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾ ਸਿਰਫ਼ ਨਸ਼ਾ ਤਸਕਰਾਂ ਦੀ ਗ੍ਰਿਫਤਾਰ ਤੱਕ ਸੀਮਤ ਹੈ,ਸਗੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਵੱਡੇ ਪੱਧਰ ‘ਤੇ ਜੰਗ ਛੇੜੀ ਗਈ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਸਿਹਤਯਾਬ ਕੀਤਾ ਜਾ ਸਕੇ।
ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਈ ਜਾ ਰਹੀ ਨਸ਼ਾ ਮੁਕਤੀ ਯਾਤਰਾ ਦੇ ਸਦਕਾ ਵੱਡੇ ਪੱਧਰ ‘ਤੇ ਲੋਕਾਂ ਵਲੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣ ਦਾ ਸਮਰਥਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਲਿਟਰੇਚਰ ਦੀ ਵੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਸਾਇਕਲਾਥੋਨ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਨੁਪਮ ਕਲੇਰ, ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪ੍ਰਦੀਪ ਥਿੰਦ,ਐਸ.ਡੀ.ਐਮ. ਭੁਲੱਥ ਡੈਵੀ ਗੋਇਲ, ਐਸ.ਪੀ ਗੁਰਪ੍ਰੀਤ ਸਿੰਘ, ਐਸ.ਪੀ ਪ੍ਰਭਜੋਤ ਸਿੰਘ ਤੇ ਹੋਰ ਹਾਜ਼ਰ ਸਨ।
ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 'ਸਿਹਤ ਵੀ, ਵਿਰਾਸਤ ਵੀ' ਥੀਮ ਹੇਠ ਕਰਵਾਈ ਸਾਇਕਲਾਥੋਨਸੰਤ ਸੀਚੇਵਾਲ, ਡਿਪਟੀ ਕਮਿਸ਼ਨਰ, ਚੀਮਾ, ਸਕਲਾਨੀ ਦੀ ਅਗਵਾਈ ਹੇਠ ਸਾਈਕਲਿੰਗ ਕਲੱਬਾਂ ਤੇ ਵੱਡੀ ਗਿਣਤੀ ‘ਚ ਲੋਕਾਂ ਕੀਤੀ ਸ਼ਮੂਲੀਅਤ
By -
June 20, 2025